Pages

Thursday, April 15, 2010

ਮਾਂ ਬੋਲੀ ਦੀ ਮੁੱਢਲੀ ਪੜ੍ਹਾਈ ...


ਬੋਲੀ ਉੱਕਾ ਲਫ਼ਜ਼ਾਂ ਦਾ ਜ਼ਖ਼ੀਰਾ ਨਹੀਂ ਹੁੰਦੀ ਸਗੋਂ ਉਹ ਸਾਕਾਂ, ਅਹਿਸਾਸ ਤੇ ਜਜ਼ਬਿਆਂ ਦਾ ਇਕ ਪੂਰਾ ਨਿਜ਼ਾਮ ਹੁੰਦਾ ਹੈ। ਹਰ ਬੋਲੀ ਆਪਣੇ ਨਾਲ ਉਚੇਚੀਆਂ ਕਦਰਾਂ ਲੈ ਕੇ ਆਉਂਦੀ ਹੈ ਤੇ ਹਰ ਬੋਲੀ ਆਪਣੇ ਨਾਲ ਹੀਰੋ ਤੇ ਵਲਨ ਲੀਆਵਨਦੀ ਹੈ। ਪਰ ਇਨਸਾਨੀ ਜ਼ਿਹਨ ਅਪਣੀ ਮਾਂ ਬੋਲੀ ਵਿਚ ਬੋਲੀ ਤੇ ਸਮਾਜ ਦੇ ਵਿਚਕਾਰ ਡੁੰਗੇ ਸਾਂਗੇ ਨੂੰ ਮਹਿਸੂਸ ਕਰਦਾ ।ਮਾਂ ਬੋਲੀ ਵਿਚ ਇਕ ਹੀ ਲਫ਼ਜ਼ ਦੇ ਮਾਆਨੀ ਸੂਰਤ ਹਾਲ ਬਦਲਣ ਨਾਲ ਥੋੜਾ ਜਿਆ ਬਦਲ ਜਾਂਦੇ ਨੇਂ। ਲਫ਼ਜ਼ਾਂ ਵਿਚ ਹੀ ਕਈ ਗੱਲਾਂ ਕਹਿ ਦਿੱਤੀਆਂ ਜਾਂਦੀਆਂ ਨੇਂ ਜਿਨੂੰ ਬੱਸ ਇਹਦੇ ਬੋਲਣ ਵਾਲੇ ਹੀ ਸਮਝ ਸਕਦੇ ਨੇਂ ਯਾਂ ਉਹਦੇ ਤੋਂ ਚੰਗੀ ਤਰ੍ਹਾਂ ਜਾਣਕਾਰੀ ਰੱਖਦੇ ਨੇਂ।

ਬੰਦਾ ਅਪਣੀ ਬੋਲੀ ਤੇ ਲਿਖੀ ਜਾਣ ਵਾਲੀ ਮਾਦਰੀ ਬੋਲੀ ਵਿਚ ਹੀ ਸਮਾਜ ਦੇ ਅਸਲ ਨੂੰ ਸਮਝਦਾ ਹੈ। ਹਰ ਲਫ਼ਜ਼ ਦੀ ਜਜ਼ਬਾਤੀ ਹਾਲਤ ਤੇ ਉਹਦੇ ਵਿੱਚ ਲੁਕੇ ਮਾਅਨੇ ਬੱਸ ਮਾਂ ਬੋਲੀ ਵਿਚ ਹੀ ਮਹਿਸੂਸ ਕੀਤੇ ਜਾਸਕਦੇ ਨੇਂ। ਦੂਜੀਆਂ ਬੋਲੀਆਂ ਇਲਮ ਤੇ ਬੰਦੇ ਨੂੰ ਬਥੇਰਾ ਦੇ ਸਕਦੀਆਂ ਨੇਂ ਪਰ ਉਹ ਬੰਦੇ ਦੀ ਵੇਲ਼ੇ ਮੂਜਬ ਯਾਂ ਵਿਚਲੀ ਹਾਲਤ ਨੂੰ ਚੰਗੀ ਤਰ੍ਹਾਂ ਬਿਆਨ ਨਹੀਂ ਕਰਸਕਦੀਆਂ। ਅਸਲ ਵਿਚ ਇਨਸਾਨ ਅਪਣੀ ਮਾਂ ਬੋਲੀ ਦੇ ਤਜਰਬਿਆਂ ਦੇ ਹਵਾਲੇ ਨਾਲ ਹੀ ਦੂਜੀਆਂ ਬੋਲੀਆਂ ਦੇ ਲਫ਼ਜ਼ਾਂ ਨੂੰ ਸਮਝ ਤੇ ਜਾਣ ਸਕਦਾ ਹੈ। ਇਸੇ ਲਈ ਜੇ ਕਿਸੇ ਦੀ ਮਾਂ ਬੋਲੀ ਵਿਚ ਸਿਖਲਾਈ ਹੋਵੇ ਤੇ ਉਹ ਦੂਜਿਆਂ ਬੋਲੀਆਂ ਨੂੰ ਵੀ ਸੌਖਿਆਂ ਸਮਝ ਲੈਂਦਾ ਹੈ।

ਦੁਨੀਆ ਵਿੱਚ ਇਸ ਮੋਜ਼ੂਅ ਤੇ ਕਈ ਕਾਹਡਾਂ ਹੋਈਆਂ ਨੇਂ ਜਿਨ੍ਹਾਂ ਵਿੱਚ ਸਾਬਤ ਹੋਇਆ ਹੈ ਪਈ ਜਿਹੜੇ ਨਿਆਣੇ ਅਪਣੀ ਮਾਂ ਬੋਲੀ ਦੇ ਨਾਲ ਚੰਗੀ ਤਰ੍ਹਾਂ ਜੁੜੇ ਹੁੰਦੇ ਨੇਂ ਉਹ ਦੂਜਿਆਂ ਬੋਲੀਆਂ ਵੀ ਸੌਖਿਆਂ ਸਿੱਖ ਲੈਂਦੇ ਨੇਂ। ਉਹ ਦੂਜਿਆਂ ਬੋਲੀਆਂ ਵਿਚ ਵੀ ਇਸ ਲਈ ਚੰਗੇ ਲਿਖਾਰੀ ਬਣ ਜਾਂਦੇ ਨੇਂ ਕਿਉਂ ਜੋ ਉਹਨਾਂਨੋਂ ਅਪਣੀ ਮਾਂ ਬੋਲੀ ਦੇ ਹਵਾਲੇ ਨਾਲ ਲਫ਼ਜ਼ਾਂ ਵਿਚ ਲੁਕੀਆਂ ਤਾਕਤਾਂ ਦਾ ਚੰਗੀ ਤਰ੍ਹਾਂ ਪਤਾ ਹੁੰਦਾ। ਉਹ ਦੂਜੀ ਬੋਲੀ ਦੇ ਲਫ਼ਜ਼ਾਂ ਵਿਚ ਲੁਕੇ ਮਾਅਨੇ ਵੀ ਚੰਗੀ ਤਰ੍ਹਾਂ ਸਮਝ ਲੈਂਦੇ ਨੇਂ। ਇਹਦੇ ਉਲਟ ਉਹ ਨਿਆਣੇ ਜਿਹੜੇ ਅਪਣੀ ਮਾਂ ਬੋਲੀ ਤੋਂ ਬਿਗਾਨੇ ਹੋ ਜਾਂਦੇ ਨੇਂ ਉਹ ਹਰ ਬੋਲੀ ਵਿਚ ਮਾੜੇ ਰਹਿ ਜਾਂਦੇ ਨੇਂ।

ਜੰਗਲ ਰਾਜ ਦਾ ਇਕ ਦਸਤੂਰ ਹੁੰਦਾ ਹੈ ਕਿ ਉਹੀ ਬਚਦਾ ਹੈ, ਜਿਹੜਾ ਸਭ ਤੋਂ ਵੱਧ ਤਾਕਤਵਰ ਹੋਵੇ ਤੇ ਹਾਲਾਤ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਸਕਣ ਦੀ ਸਮਰੱਥਾ ਰੱਖਦਾ ਹੋਵੇ।

ਬਿਲਕੁਲ ਇਹੀ ਅਸੂਲ ਬੋਲੀ ਉੱਤੇ ਵੀ ਲਾਗੂ ਹੰਦਾ ਹੈ।

ਮਾਂ ਦੀ ਗੋਦ ਵਿਚ ਪਏ ਬੱਚੇ ਨੂੰ ਬੋਲੀ ਸਿੱਖਣ ਲਈ ਕਿਸੇ ਸਕੂਲ ਜਾਂ ਮਾਸਟਰ ਦੀ ਲੋੜ ਨਹੀਂ ਪੈਂਦੀ। ਉਸ ਨੇ ਮਾਂ ਦੇ ਬੁੱਲ੍ਹ ਹਿਲਦੇ ਵੇਖਣੇ ਹਨ, ਉਸ ਦੇ ਮੂੰਹੋਂ ਉਕਰੇ ਲਫ਼ਜ਼ ਸੁਣਨੇ ਹਨ ਤੇ ਉਸ ਦੇ ਦਿਮਾਗ਼ ਵੱਲ ਜਾਂਦੀਆਂ ਤਰੰਗਾਂ ਨੇ ਉਸ ਨੂੰ ਇਹ ਬੋਲੀ ਦਾ ਗੂੜ ਗਿਆਨ ਆਪੇ ਹੀ ਸਮਝਾ ਦੇਣਾ ਹੈ। ਇਹ ਬੋਲੀ ਬੱਚਾ ਕਿਵੇਂ ਆਪਣੇ ਆਪ ਹੀ ਸਿੱਖਦਾ ਹੈ ਤੇ ਕਿਵੇਂ ਬੋਲਣਾ ਸ਼ੁਰੂ ਕਰ ਦਿੰਦਾ ਹੈ, ਘਰ ਵਿਚ ਕਿਸੇ ਕੋਲ ਇਸ ਬਾਰੇ ਵਿਚਾਰ ਕਰਨ ਦਾ ਵਕਤ ਨਹੀਂ ਹੰਦਾ। ਬੱਚੇ ਨੇ ਮਾਂ-ਬੋਲੀ ਵਿਚ ਹੀ ਪਾਣੀ ਮੰਗਣਾ ਹੁੰਦਾ ਹੈ ਤੇ ਮਾਂ-ਬੋਲੀ ਵਿਚ ਹੀ ਆਪਣੀ ਪੀੜ ਬਾਰੇ ਦੱਸਣਾ ਹੁੰਦਾ ਹੈ। ਇਕ ਤਰ੍ਹਾਂ ਇਸ ਨੂੰ ਹੱਡੀਂ ਰਚਿਆ ਵੀ ਕਿਹਾ
ਜਾ ਸਕਦਾ ਹੈ।

ਵਚਨ, ਬਹੁ-ਵਚਨ, ਨਾਂਵ, ਪੜਨਾਂਵ ਜਿਹੜੇ ਵੱਡੀਆਂ ਕਲਾਸਾਂ ਵਿਚ ਰਟਦਿਆਂ ਬੱਚੇ ਫ਼ੇਲ੍ਹ ਹੋ ਜਾਂਦੇ ਹਨ, ਕਿਵੇਂ ਪਹਿਲੇ ਦੋ ਤਿੰਨ ਸਾਲ ਦੀ ਉਮਰ ਵਿਚ ਆਪਣੇ ਆਪ ਹੀ ਬਿਨ ਸਿਖਾਏ ਬੱਚਿਆਂ ਦੀ ਸਮਝ ਵਿਚ ਆ ਜਾਂਦੇ ਹਨ, ਇਸ ਬਾਰੇ ਗ਼ੌਰ ਕਰੀਏ ਤਾਂ ਕੁੱਝ ਹੋਰ ਨੁਕਤੇ ਵੀ ਵੱਡਿਆਂ ਦੀ ਸਮਝ ਵਿਚ ਆਉਣ ਲੱਗ ਪੈਣਗੇ। ਇਕ ਗੱਲ ਤਾਂ ਸਾਫ਼ ਜ਼ਾਹਿਰ ਹੈ ਕਿ ਬੱਚੇ ਦੀ ਮੁੱਢਲੀ ਸਿੱਖਿਆ ਬੱਚੇ ਨੂੰ ਬਿਨਾਂ ਪੜ੍ਹਾਏ ਹੀ ਆਉਣੀ ਸ਼ੁਰੂ ਹੋ ਜਾਂਦੀ ਹੈ। ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਕੁੜੀ ਨਾਲ 'ਜਾਂਦੀ' ਅੱਖਰ ਹੀ ਲੱਗੇਗਾ ਅਤੇ ਮੁੰਡੇ ਨਾਲ 'ਜਾਂਦਾ'। ਇਹ ਵੀ ਉਹ ਫੱਟ ਸਮਝ ਲੈਂਦਾ ਹੈ ਕਿ ਇਕ ਪੰਛੀ 'ਉਡੇਗਾ' ਅਤੇ ਬਹੁਤ ਸਾਰੇ ਪੰਛੀ 'ਉਡੱਣਗੇ'।


ਜਦੋਂ ਬੱਚੇ ਨੂੰ ਸਕੂਲ ਵਿਚ ਪੜ੍ਹਨੇ ਪਾਇਆ ਜਾਂਦਾ ਹੈਂ ਤਾਂ ਜੇ ਅਧਿਆਪਕ ਵੀ ਉਸੇ ਮਾਂ-ਬੋਲੀ ਵਿਚ ਪੜ੍ਹਾ ਰਿਹਾ ਹੋਵੇ ਤਾਂ ਉਹ ਬੋਲੀ ਪਰਪੱਕ ਹੋ ਜਾਂਦੀ ਹੈ ਤੇ ਬੱਚੇ ਨੂੰ ਉਸ ਬੋਲੀ ਵਿਚ ਮਹਾਰਤ ਹਾਸਿਲ ਕਰਨ ਵਿਚ ਬਹੁਤਾ ਚਿਰ ਨਹੀਂ ਲੱਗਦਾ।

ਉਸ ਤੋਂ ਅਗਲੀ ਪੜ੍ਹਾਈ ਆਪਣੇ ਆਪ ਹੀ ਸੌਖੀ ਹੋ ਜਾਣੀ ਹੋਈ, ਕਿਉਂਕਿ ਹਰ ਨਵੇਂ ਸ਼ਬਦ ਅਤੇ ਨਵੀਂ ਬੋਲੀ ਨੂੰ ਸਮਝਣ ਲਈ ਉਸ ਕੋਲ ਇਕ ਆਧਾਰ ਹੰਦਾ ਹੈ ਤੇ ਉਸ ਸ਼ਬਦ ਦਾ ਆਪਣੀ ਮਾਂ-ਬੋਲੀ ਵਿਚ ਤਰਜਮਾ ਕਰ ਕੇ ਬੱਚਾ ਫੱਟ ਨਵੀਂ ਚੀਜ਼ ਸਿੱਖ ਲੈਂਦਾ ਹੈ। ਇਸ ਤਰ੍ਹਾਂ ਉਸਦੇ ਦਿਮਾਗ਼ ਦੀ ਸਾਫ਼ ਸਲੇਟ ਉੱਤੇ ਉਕਰੇ ਮਾਂ-ਬੋਲੀ ਦੇ ਅੱਖਰ ਉਸ ਨੂੰ ਔਖੀ ਤੋਂ ਔਖੀ ਚੀਜ਼ ਵੀ ਸੌਖੇ ਤਰੀਕੇ ਸਮਝਣ ਵਿਚ ਮਦਦ ਕਰਦੇ ਹਨ।


ਮੇਰੇ ਕਹਿਣ ਦਾ ਭਾਵ ਇਹ ਹੈ ਕਿ ਜੇ ਮਾਂ-ਬੋਲੀ ਵਿਚ ਹੀ ਮੁੱਢਲੀ ਪੜ੍ਹਾਈ ਜਾਰੀ ਰਹੇ ਤਾਂ ਬੱਚੇ ਦਾ ਪੜ੍ਹਾਈ ਵਿਚ ਮਨ ਵੀ ਟਿਕਦਾ ਹੈ ਤੇ ਇਹ ਉਸਦੇ ਵਧਦੇ ਦਿਮਾਗ਼ ਦੇ ਵਧਣ ਫੁੱਲਣ ਲਈ ਸਹਾਈ ਵੀ ਹੁੰਦਾ ਹੈ। ਬੱਚੇ ਨੂੰ ਸਕੂਲ ਵਿਚ ਵੀ ਮਾਂ-ਬੋਲੀ ਸੁਣ ਕੇ ਅਪਣੱਤ ਜਿਹੀ ਲੱਗਦੀ ਹੈ ਤੇ ਉਹ ਸਕੂਲ ਵੀ ਛੇਤੀ ਹੀ ਬੈਠਣਾ ਸਿੱਖ ਲੈਂਦਾ ਹੈ ਅਤੇ ਆਪਣੀ ਬੋਲੀ ਬੋਲਣ ਵਾਲੇ ਕਿਸੇ ਹਾਣੀ ਨਾਲ ਦੋਸਤੀ ਵੀ ਗੰਢ ਲੈਂਦਾ ਹੈ।

ਇਸ ਤਰ੍ਹਾਂ ਸਕੂਲ ਦੇ ਮੁੱਢਲੇ ਦਿਨ ਲੰਘਾਉਣੇ ਬੱਚੇ ਲਈ ਅਤੇ ਮਾਪਿਆਂ ਲਈ ਸੁਖਾਲੇ ਹੋ ਜਾਂਦੇ ਹਨ। ਇਹ ਪਹਿਲੇ ਔਖੇ ਪੜਾਅ ਜੇ ਇਸ ਤਰ੍ਹਾਂ ਸੁਖਾਲੇ ਕਰ ਦਿੱਤੇ ਜਾਣ ਤਾਂ ਬੱਚੇ ਅੰਦਰ ਨਵੀਆਂ ਚੀਜ਼ਾਂ ਸਿੱਖਣ ਦਾ ਚਾਅ ਵਧਣਾ ਸ਼ੁਰੂ ਹੋ ਜਾਂਦਾ ਹੈ ਤੇ ਉਹ ਨਵੀਆਂ ਬੋਲੀਆਂ ਵੀ ਧੜਾਧੜ ਦਿਮਾਗ਼ੀ ਤੌਰ 'ਤੇ ਆਪਣੀ ਮਾਂ-ਬੋਲੀ ਵਿਚ ਤਰਜਮਾ ਕਰਕੇ ਸਿੱਖੀ ਤੁਰੀ ਜਾਂਦਾ ਹੈ।

ਇਸ ਮਾਂ-ਬੋਲੀ ਦਾ ਬੱਚੇ ਦੇ ਵਿਕਾਸ ਉੱਤੇ ਏਨਾ ਡੂੰਘਾ ਅਸਰ ਹੰਦਾ ਹੈ ਕਿ ਜਵਾਨ ਹੋ ਜਾਣ 'ਤੇ ਵੀ ਇਨਸਾਨ ਆਪਣੀਆਂ ਜੜ੍ਹਾਂ ਨੂੰ ਭੁੱਲਦਾ ਨਹੀਂ ਤੇ ਬੁਢੇਪਾ ਆ ਜਾਣ 'ਤੇ ਵੀ ਆਪਣੀ ਮਾਂ-ਬੋਲੀ ਤੇ ਆਪਣੇ ਜਨਮ-ਅਸਥਾਨ ਅਤੇ ਉਸ ਮਿੱਟੀ ਨਾਲ ਮੋਹ ਪਾਲੀ ਰੱਖਦਾ ਹੈ। ਉਸ ਨੂੰ ਆਪਣੀ ਮਾਂ-ਬੋਲੀ ਬੋਲਣ ਵਾਲਾ ਹਰ ਇਨਸਾਨ ਵਤਨੋਂ ਪਾਰ ਵੀ ਮਿਲ ਜਾਣ 'ਤੇ ਆਪਣਾ ਹੀ ਕੋਈ ਰਿਸ਼ਤੇਦਾਰ ਜਾਪਦਾ ਹੈ।

ਇਸ ਮਾਂ-ਬੋਲੀ ਸਦਕਾ ਦੇਸ-ਪ੍ਰੇਮ ਦੀ ਭਾਵਨਾ ਅਤੇ ਆਪਣੇ ਪਰਾਏ ਦਾ ਫ਼ਰਕ ਬੱਚੇ ਦੇ ਮਨ ਵਿਚ ਆਪਣੇ ਆਪ ਹੀ ਵੱਸ ਜਾਂਦਾ ਹੈ। ਉਸ ਨੂੰ ਆਪਣੀ ਬੋਲੀ ਦੀਆਂ ਗਾਲ੍ਹਾਂ ਵੀ ਮਿੱਠੀਆਂ ਲੱਗਦੀਆਂ ਹਨ, ਪਰ ਓਪਰੀ ਬੋਲੀ ਵਿਚ ਹਲਕੀ ਤਲਖ਼ ਆਵਾਜ਼ ਵੀ ਚੁੱਭਣ ਲੱਗ ਪੈਂਦੀ ਹੈ।

ਆਓ, ਹੁਣ ਦੂਸਰਾ ਪੱਖ ਵੇਖੀਏ। ਬੱਚੇ ਦੀ ਮਾਂ-ਬੋਲੀ ਦੇ ਉਲਟ ਉਸ ਨੂੰ ਸਕੂਲ ਵਿਚ ਨਵੇਂ ਮਾਹੌਲ ਵਿਚ, ਨਵੇਂ ਹਾਣੀਆਂ ਵਿਚ, ਕਿਸੇ ਐਸੀ ਜ਼ਬਾਨ ਵਿਚ ਬੁਲਾਇਆ ਜਾਏ, ਜਿਸ ਦੀ ਡੂੰਘਿਆਈ ਬਾਰੇ ਬੱਚੇ ਨੂੰ ਪੂਰਾ ਪਤਾ ਨਾ ਹੋਵੇ ਤਾਂ ਬੱਚਾ ਆਪਣੇ ਆਪ ਨੂੰ ਓਪਰਾ ਜਿਹਾ ਮਹਿਸੂਸ ਕਰਨ ਲੱਗ ਪੈਂਦਾ ਹੈ ਤੇ ਛੇਤੀ ਸਕੂਲ ਦੇ ਮਾਹੌਲ ਵਿਚ ਨਹੀਂ ਰਚਦਾ। ਨਤੀਜੇ ਵਜੋਂ, ਰੋਜ਼ ਸਕੂਲ ਰੋ ਪਿੱਟ ਕੇ ਜਾਣਾ ਸ਼ੁਰੂ ਕਰ ਦਿੰਦਾ ਹੈ।

ਜਿਵੇਂ ਹੌਲੀ ਹੌਲੀ ਉਹ ਨਵੀਂ ਬੋਲੀ ਦੇ ਸ਼ਬਦ ਸਿੱਖਦਾ ਹੈ ਤੇ ਉਸ ਜ਼ਬਾਨ ਨੂੰ ਅਪਣਾਉਣ ਲੱਗਦਾ ਹੈ ਤਾਂ ਉਸ ਦੇ ਦਿਮਾਗ਼ ਵਿਚ ਦੁਚਿੱਤੀ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਘਰ ਅਤੇ ਸਕੂਲ ਦੀ ਬੋਲੀ ਵੱਖਰੀ ਹੋਣੀ ਸ਼ੁਰੂ ਹੋ ਜਾਂਦੀ ਹੈ। ਨਤੀਜੇ ਵਜੋਂ, ਦੋ ਭਾਸ਼ਾਵਾਂ ਦਾ ਮਿਸ਼ਰਨ ਸਾਹਮਣੇ ਆਉਣਾ ਸ਼ੁਰੂ ਹੋ ਜਾਂਦਾ ਹੈ। ਜਿੱਥੇ ਉਹ ਆਪਣੀ ਪਰਪੱਕ ਮਾਂ-ਬੋਲੀ ਦੇ ਘੱਟ ਵਰਤੋਂ ਵਿਚ ਆਉਣ ਵਾਲੇ ਅੱਖਰ ਹੌਲੀ ਹੌਲੀ ਭੁੱਲਣੇ ਸ਼ੁਰੂ ਹੋ ਜਾਂਦਾ ਹੈ, ਉੱਥੇ ਨਵੀਂ ਬੋਲੀ ਦੀ ਅੱਧ-ਪਚੱਧ ਜਾਣਕਾਰੀ ਵਾਲੇ ਪੁੱਠੇ-ਸਿੱਧੇ ਸ਼ਬਦ ਮਨ ਵਿਚ ਵਸਾਉਦਾ ਤੁਰੀ ਜਾਂਦਾ ਹੈ, ਕਿਉਂਕਿ ਨਵੀਂ ਬੋਲੀ ਦੀ ਡੂੰਘਿਆਈ ਵਿਚ ਜਾਣਕਾਰੀ ਨਹੀਂ ਹੁੰਦੀ, ਸੋ ਉਹ ਪੂਰੀ ਤਰ੍ਹਾਂ ਨਵੀਂ ਬੋਲੀ ਨੂੰ ਛੇਤੀ ਅਪਣਾ ਨਹੀਂ ਸਕਦਾ ਤੇ ਉਸ ਨੂੰ ਬੋਲਣ ਲੱਗਿਆਂ ਸ਼ੁਰੂ ਵਿਚ ਘਬਰਾਹਟ ਮਹਿਸੂਸ ਕਰਦਾ ਰਹਿੰਦਾ ਹੈ,।

ਇਹ ਸਭ ਬੱਚੇ ਦੇ ਜਵਾਨ ਹੋਣ ਦੀ ਮਨੋ-ਦਸ਼ਾ 'ਤੇ ਡੂੰਘਾ ਅਸਰ ਪਾਉਂਦਾ ਹੈ, ਕਿਉਂਕਿ ਜਿਸ ਕਿਸੇ ਦੇ ਵੀ ਆਤਮ-ਵਿਸ਼ਵਾਸ 'ਤੇ ਸੱਟ ਵੱਜ ਜਾਏ, ਉਸ ਦੇ ਮਨੋਬਲ ਦੇ ਡਿੱਗਦੇ ਸਾਰ ਉਹ ਢਹਿੰਦੀ ਕਲਾ ਵਿਚ ਛੇਤੀ ਹੀ ਪਹੁੰਚ ਜਾਂਦਾ ਹੈ।

ਜੇ ਮਨੋ-ਵਿਗਿਆਨਕ ਪੱਖੋਂ ਵੇਖੀਏ ਤਾਂ ਬੱਚੇ ਦੇ ਸੰਪੂਰਨ ਦਿਮਾਗ਼ੀ ਵਿਕਾਸ ਲਈ ਬੱਚੇ ਦੇ ਸ਼ੁਰੂ ਦੇ ਪੜ੍ਹਾਈ ਦੇ ਸਾਲ ਉਸ ਦੀ ਮਾਂ-ਬੋਲੀ ਵਿਚ ਹੀ ਹੋਣੇ ਚਾਹੀਦੇ ਹਨ।

ਕਿਉਂਕਿ ਬਹੁਤੀ ਦੇਰ ਬੱਚੇ ਨੇ ਮਾਂ ਨਾਲ ਹੀ ਲੰਘਾਉਣੀ ਹੁੰਦੀ ਹੈ, ਇਸ ਲਈ ਬੋਲੀ ਨੂੰ ਮਾਂ-ਬੋਲੀ ਹੀ ਕਿਹਾ ਜਾਣ ਲੱਗ ਪਿਆ ਹੈ। ਦੁਨੀਆ ਭਰ ਵਿਚ ਲਗਭਗ 6800 ਬੋਲੀਆਂ ਪ੍ਰਚਲਿਤ ਹਨ, ਜਿਨ੍ਹਾਂ ਵਿੱਚੋਂ ਹਰ ਪੰਦਰੀਂ ਦਿਨੀਂ ਇਕ ਬੋਲੀ ਖ਼ਤਮ ਹੁੰਦੀ ਜਾ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਉਹ ਬੋਲੀ ਬੋਲਣ ਵਾਲੇ ਖ਼ਤਮ ਹੁੰਦੇ ਜਾ ਰਹੇ ਹਨ ਜਾਂ ਉਸ ਕੌਮ ਨੇ ਦੂਜੀ ਬੋਲੀ ਅਪਣਾ ਲਈ ਹੈ।

ਪੰਜਾਬੀ ਬੋਲੀ ਇਸ ਵੇਲੇ ਦੁਨੀਆ ਦੀਆਂ ਪ੍ਰਚਲਿਤ ਬੋਲੀਆਂ ਵਿੱਚੋਂ ਬਾਰ੍ਹਵੇਂ ਜਾਂ ਤੇਰ੍ਹਵੇਂ ਨੰਬਰ ਉਤੇ ਆਉਂਦੀ ਹੈ, ਭਾਵੇਂ ਉਹ ਪਾਕਿਸਤਾਨ ਵਿਚ ਬੋਲੀ ਜਾ ਰਹੀ ਹੋਵੇ, ਹਿੰਦੁਸਤਾਨ ਵਿਚ ਜਾਂ ਇੰਗਲੈਂਡ ਵਿਚ। ਇਸ ਬੋਲੀ ਨੂੰ ਬੋਲਣ ਵਾਲੇ ਪੰਜਾਬੀਆ ਵਿਚਲੀ ਸਿੱਖ ਕੌਮ ਸਿਰਫ਼ 1.9 ਪ੍ਰਤੀਸਤ ਹੀ ਹੈ।

ਪੰਜਾਬ ਵਿਚ ਚੁਫੇਰੇ ਹਰ ਗਲੀ ਗਲੀ ਅੰਗਰੇਜ਼ੀ ਮਾਧਿਅਮ ਵਾਲੇ ਪ੍ਰੈਪਰੇਟਰੀ ਸਕੂਲ ਖੁੱਲ੍ਹ ਚੁੱਕੇ ਹਨ। ਘਰਾਂ ਵਿਚ ਪੰਜਾਬੀ ਬੋਲਦੇ ਬੱਚੇ ਜਦੋਂ ਸਿੱਧਾ ਅੰਗਰੇਜ਼ੀ ਜ਼ਬਾਨ ਸੁਣਨ ਲੱਗਦੇ ਹਨ ਜਾਂ ਉਨ੍ਹਾਂ ਨੂੰ ਅੰਗਰੇਜ਼ੀ ਬੋਲਣ 'ਤੇ ਮਜਬੂਰ ਕੀਤਾ ਜਾਂਦਾ ਹੈ ਤਾਂ ਉਹ ਉਪਰ ਦੱਸੀਆਂ ਹਾਲਤਾਂ ਅਨੁਸਾਰ ਸ਼ੁਰੂ ਵਿਚ ਸਕੂਲ ਵਿਚ ਜਾਣ ਦੇ ਨਾਂ ਤੋਂ ਹੀ ਰੋਣਾ-ਪਿੱਟਣਾ ਸ਼ੁਰੂ ਕਰ ਦਿੰਦੇ ਹਨ।

ਜਿਉਂ ਜਿਉਂ ਅੰਗਰੇਜ਼ੀ ਦੇ ਰੰਗ ਵਿਚ ਬੱਚੇ ਰੰਗਦੇ ਜਾ ਰਹੇ ਹਨ, ਤਿਉਂ ਤਿਉਂ ਪੰਜਾਬੀ ਬੱਚੇ ਆਪਣੀ ਧਰਤੀ, ਆਪਣੀ ਪਹਿਚਾਣ, ਆਪਣੀ ਮਿੱਠੀ ਮਾਂ-ਬੋਲੀ ਤੋਂ ਹੌਲੀ ਹੌਲੀ ਪਰ੍ਹਾਂ ਹੁੰਦੇ ਜਾ ਰਹੇ ਹਨ। ਇਹ ਪੰਜਾਬੀ ਸੱਭਿਅਤਾ ਦੇ ਖ਼ਾਤਮੇ ਦੀ ਸ਼ੁਰੂਆਤ ਹੈ। ਜੇ ਇਸੇ ਤਰ੍ਹਾਂ ਅੰਗਰੇਜ਼ੀ ਦੇ ਵਿਛਾਏ ਜਾਲ ਵਿਚ ਸਾਡੇ ਬੱਚੇ ਫਸਦੇ ਰਹੇ ਤਾਂ ਸਹੀ ਅਰਥਾਂ ਵਿਚ ਅੰਗਰੇਜ਼ੀ ਅਤੇ ਅੰਗਰੇਜ਼ੀ ਸੱਭਿਅਤਾ ਦਾ ਰਾਜ ਇਸ ਧਰਤੀ ਉੱਪਰ ਹੋ ਜਾਣਾ ਹੈ ਤੇ ਹਰ ਪੰਦਰੀਂ ਦਿਨੀਂ ਖ਼ਤਮ ਹੁੰਦੀਆਂ ਬੋਲੀਆਂ ਵਿਚ ਪੰਜਾਬੀ ਬੋਲੀ ਦੀ ਵਾਰੀ ਵੀ ਛੇਤੀ ਹੀ ਆ ਜਾਣੀ ਹੈ।

ਹਾਲਾਤ ਇਹ ਹਨ ਕਿ ਅੱਜ ਦੇ ਦਿਨ ਪੰਜਾਬ ਦੇ ਵਿਚ ਹੀ ਪੰਜਾਬੀ ਬੋਲਣ ਵਾਲੇ ਨੂੰ ਅਨਪੜ੍ਹ ਕਰਾਰ ਦਿੱਤਾ ਜਾਣ ਲੱਗ ਪਿਆ ਹੈ। ਦੂਜੇ ਪਾਸੇ ਟੁੱਟੀ ਫੁੱਟੀ ਅੰਗਰੇਜ਼ੀ ਬੋਲਣ ਵਾਲਾ ਵੀ ਆਪਣੇ ਆਪ ਨੂੰ ਕਿਸੇ ਅੰਗਰੇਜ਼ ਅਫ਼ਸਰ ਤੋਂ ਘੱਟ ਨਹੀਂ ਸਮਝਦਾ।

ਪੰਜਾਬੀ ਵਿਚ ਲਿਖਣ ਵਾਲੇ ਕੰਗਾਲੀ ਅਤੇ ਮੰਦਹਾਲੀ ਵਿਚ ਹੀ ਜ਼ਿੰਦਗੀ ਲੰਘਾਉਂਦੇ ਹਨ ਤੇ ਆਪਣੇ ਘਰ ਤੋਂ ਬਾਹਰ ਉਨ੍ਹਾਂ ਨੂੰ ਕੋਈ ਨਹੀਂ ਪਛਾਣਦਾ।''ਆਪਣੀ ਮਾਂ-ਬੋਲੀ ਨੂੰ ਛੱਡ ਕੇ ਅੰਗਰੇਜ਼ੀ ਨੂੰ ਉਹੀ ਦੇਸ ਤਰਜੀਹ ਦੇ ਰਹੇ ਹਨ, ਜੋ ਆਪਣੀ ਭਾਸ਼ਾ ਅਤੇ ਸੱਭਿਆਚਾਰ ਦੀ ਮੌਤ ਦੇ ਇੱਛਕ ਹਨ।

No comments:

Post a Comment